'ਅਮਰੀਕਨ ਸਿੱਖ ਸੰਗਤ' ਨੇ ਕਿਸਾਨਾਂ ਦੇ ਸੰਘਰਸ਼ ਦਾ ਵਿਰੋਧ ਕਰ ਰਹੇ ਕਲਾਕਾਰ ਅਤੇ ਖਿਡਾਰੀਆਂ ਦਾ ਅਮਰੀਕਾ ਵਿੱਚ ਵਿਰੋਧ ਕਰਨ ਦਾ ਕੀਤਾ ਅੈਲਾਨ

-ਅਮਰੀਕਾ ਵਿੱਚੋਂ ਲੱਗਭਗ 80 ਜਥੇਬੰਦੀਆਂ ਨੇ ਸਭਾ ਵਿੱਚ ਲਿਆ ਹਿੱਸਾ, ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਨਾਲ ਵੀਡੀਓ ਕਾਨਫਰੰਸ ਰਾਹੀਂ ਵਿਚਾਰ ਵਟਾਂਦਰੇ ਕੀਤੇ

-26 ਜਨਵਰੀ ਨੂੰ ਹੋਏ ਘਟਨਾਕ੍ਰਮ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾ, ਕਿਸਾਨਾ ਅਤੇ ਪੱਤਰਕਾਰਾ ਦੀ ਰਿਹਾਈ ਬਾਰੇ ਕੀਤੀ ਚਰਚਾ

-ਸਾਰੀਆਂ ਕਿਸਾਨ ਧਿਰਾਂ ਅਤੇ ਨੌਜਵਾਨਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਕੀਤੀ ਬੇਨਤੀ

ਫਰਿਜ਼ਨੋ, ਫ਼ਰਵਰੀ 8, 2021

ਸਮੂਹ ਅਮਰੀਕਾ ਭਰ ਦੀਆਂ ਸਿੱਖ ਜੱਥੇਬੰਦੀਆਂ ਨੇ ਉਥੋਂ ਦੀਆਂ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਫਰਿਜ਼ਨੋ, ਕੈਲੇਫੋਰਨੀਆਂ ਵਿਖੇ 'ਅਮਰੀਕਨ ਸਿੱਖ ਸੰਗਤ' ਦੇ ਨਾਮ ਹੇਠ ਦਿੱਲੀ ਦੇ ਬਾਰਡਰਾਂ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਇਕਜੁੱਟਤਾ ਤੇ ਚੜ੍ਹਦੀ ਕਲਾ ਲਈ ਇਕ ਵਿਸ਼ੇਸ਼ ਸਭਾ ਬੁਲਾਈ। ਸਾਰੇ ਅਮਰੀਕਾ ਵਿੱਚੋਂ ਲੱਗਭਗ 80 ਜਥੇਬੰਦੀਆਂ ਨੇ ਇਸ ਸਭਾ ਵਿੱਚ ਹਿੱਸਾ ਲਿਆ ਅਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਨਾਲ ਵੀਡੀਓ ਕਾਨਫਰੰਸ ਰਾਹੀਂ ਵਿਚਾਰ ਵਟਾਂਦਰੇ ਕੀਤੇ। ਇਸ ਦੌਰਾਨ ਫਰਿਜ਼ਨੋ, ਕੈਲੀਫੋਰਨੀਆ ਦੇ ਮੇਅਰ ਜੈਰੀ ਡਾਇਰ ਉਚੇਚੇ ਤੌਰ ਤੇ ਸ਼ਾਮਲ ਹੋਏ। ਸੰਗਤ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਕਿਹਾ ਕਿ ਵਿਸ਼ਵ ਵਿੱਚ ਕਿਤੇ ਵੀ ਚਾਹੇ ਉਹ ਭਾਰਤ ਹੋਵੇ ਜਾਂ ਅਮਰੀਕਾ ਜੇਕਰ ਲੋਕਤੰਤਰ ਦਾ ਘਾਣ ਹੁੰਦਾ ਹੈ ਤਾਂ ਸਾਰਿਆਂ ਨੂੰ ਮਿਲ ਕੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਸਰਕਾਰ ਨੂੰ ੳੁਨ੍ਹਾਂ ਦੀਅਾਂ ਮੰਗਾਂ ਉੱਤੇ ਗੌਰ ਕਰਦਿਆਂ ਇਨ੍ਹਾਂ ਦਾ ਹੱਲ ਲੱਭਣਾ ਚਾਹੀਦਾ ਹੈ।ਸੰਗਤ ਵੱਲੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਵੀ ਪ੍ਰਣ ਕੀਤਾ ਗਿਆ।

ਸਭਾ ਦੇ ਦੌਰਾਨ ਦਿੱਲੀ ਵਿੱਚ 26 ਜਨਵਰੀ ਨੂੰ ਹੋਏ ਘਟਨਾਕ੍ਰਮ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾ, ਕਿਸਾਨਾ ਅਤੇ ਪੱਤਰਕਾਰਾਂ ਦੀ ਪੈਰਵਾਈ ਕਰ ਰਹੇ ਐਡਵੋਕੇਟ ਅਮਰਵੀਰ ਸਿੰਘ ਭੁੱਲਰ ਕੋਲੋਂ ਇਨ੍ਹਾਂ ਕੇਸਾਂ ਦੀ ਜਾਣਕਾਰੀ ਲਈ ਗਈ। ਇਸ ਦੌਰਾਨ ਐਕਟਿਵਿਸਟ ਨੌਦੀਪ ਕੌਰ ਅਤੇ ਉਨ੍ਹਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਸਬੰਧੀ ਵੀ ਵਿਚਾਰ ਵਟਾਂਦਰੇ ਕੀਤੇ ਗਏ। ਖਾਲਸਾ ਏਡ, ਏਸੀ਼ਆ ਦੇ ਮੁਖੀ ਅਮਰਪ੍ਰੀਤ ਸਿੰਘ ਨੇ ਮੋਰਚੇ ਦੀ ਅਜੋਕੀ ਸਥਿਤੀ ਦੱਸੀ ਅਤੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਲਈ ਅਪੀਲ ਕੀਤੀ|

ਸਭਾ ਦੇ ਅੰਤ ਵਿਚ ਸਮੂਹ ਸੰਗਤ ਵੱਲੋਂ ਸਾਰਿਆਂ ਦੀ ਸਹਿਮਤੀ ਦੇ ਨਾਲ ਮਤੇ ਪਾਏ ਗਏ। ਜਿਸ ਵਿੱਚ ਅਮਰੀਕਾ ਦੀ ਸੰਗਤ ਵੱਲੋਂ ਬੇਨਤੀ ਕੀਤੀ ਗਈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਨੌਜਵਾਨ, ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਾਂਝ ਬਣਾ ਕੇ ਉਨ੍ਹਾਂ ਦੀ ਅਗਵਾਹੀ ਵਿੱਚ ਇੱਕਠੇ ਹੋ ਕੇ ਕਿਸਾਨਾਂ ਦੀ ਆਵਾਜ਼ ਬਣਨ ਕਿਉਂ ਜੋ ਇਹ ਸਮੇ ਦੀ ਮੰਗ ਹੈ। ਜੇਕਰ ਸੰਘਰਸ਼ ਕਰ ਰਹੀਆਂ ਧਿਰਾਂ ਵਿੱਚ ਕੋਈ ਮਨ ਮੁਟਾਵ ਹੈ ਤਾਂ ਸਾਰਿਆਂ ਦੀ ਇਕਜੁਟਤਾ ਨੂੰ ਬਹਾਲ ਕਰਨ ਲਈ ਅਮਰੀਕਾ ਦੀ ਸੰਗਤ ਮੀਡੀਏਟਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਇਸ ਮੀਟਿੰਗ ਤੋਂ ਬਾਅਦ ਅਮਰੀਕਾ ਦੀ ਸੰਗਤ ਵੱਲੋਂ ਸਾਰੀਆਂ ਧਿਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ।

ਅਮਰੀਕਾ ਦੀ ਸਿੱਖ ਸੰਗਤ ਵੱਲੋਂ ਕਿਸਾਨ ਯੂਨੀਅਨ ਲੀਡਰਾਂ ਨੂੰ ਬੇਨਤੀ ਗਈ ਕਿ ਜਿਹੜੇ ਨੌਜਵਾਨ, ਬਜ਼ੁਰਗ, ਪੱਤਰਕਾਰ ਜਾਂ ਸਮਾਜ ਸੇਵੀ ਸੰਘਰਸ਼ ਦੌਰਾਨ ਰਾਜਨੀਤਿਕ ਦਬਾਅ ਹੇਠ ਲਗਾਤਾਰ ਪੁਲੀਸ ਦੁਆਰਾ ਝੂਠੇ ਕੇਸਾਂ ਤਹਿਤ ਜੇਲ੍ਹਾਂ ਵਿੱਚ ਡੱਕੇ ਜਾ ਰਹੇ ਹਨ, ਉਨ੍ਹਾਂ ਨੂੰ ਰਿਹਾ ਕਰਵਾਉਣ ਦੀ ਸ਼ਰਤ ਨੂੰ ਪਹਿਲ ਦੇ ਅਧਾਰ ਤੇ ਰੱਖਿਆ ਜਾਵੇ ਤਾਂ ਜੋ ਪਿੰਡਾਂ ਵਿੱਚੋਂ ਆਉਣ ਵਾਲੀ ਸੰਗਤ ਦਾ ਹੌਸਲਾ ਬੁਲੰਦ ਰਹੇ।

ਅਮਰੀਕਾ ਦੀ ਸੰਗਤ ਨੇ ਐਲਾਨ ਕੀਤਾ ਕਿ ਜਿਹੜੇ ਬਾਲੀਵੁੱਡ ਦੇ ਕਲਾਕਾਰਾ ਅਤੇ ਖਿਡਾਰੀਆ ਨੇ ਆਪਣੀਆਂ ਜ਼ਮੀਰਾਂ ਗਿਰਵੀ ਰੱਖ ਕੇ ਦੇਸ਼ ਦੇ ਅੰਨਦਾਤਾ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਹੈ, ਅਤੇ ਜਿਹੜੇ ਅੱਗੋਂ ਅਜਿਹਾ ਕਰਨਗੇ, ਉਹਨਾਂ ਦਾ ਅਮਰੀਕਾ ਵਿਚ ਹਰ ਜਗ੍ਹਾ ਤੇ ਬਾਈਕਾਟ ਕੀਤਾ ਜਾਵੇਗਾ। ਜੇ ਕਿਸੇ ਪ੍ਰਮੋਟਰ ਨੇ ਅਮਰੀਕਾ ਦੀ ਧਰਤੀ ਉੱਤੇ ਉਹਨਾਂ ਦਾ ਸਾਥ ਦਿੱਤਾ ਤਾਂ ਉਸ ਦਾ ਵੀ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਅਮਰੀਕਾ ਦੀ ਸਿੱਖ ਸੰਗਤ ਨੇ ਐਲਾਨ ਕੀਤਾ ਕਿ ਸੰਗਤ ਜਥੇਬੰਦੀਆਂ ਦੀ ਹਰ ਪੱਖੋਂ ਉਦੋਂ ਤਕ ਮਦਦ ਕਰੇਗੀ ਜਦੋਂ ਤੱਕ ਤਿੰਨੇ ਬਿੱਲ ਵਾਪਸ ਅਤੇ ਬਾਕੀ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।